Friday, July 13, 2012

ਮੌਤ ਤੋਂ ਬਾਜ਼ੀ ਹਾਰਿਆ ਰੁਸਤਮੇ ਹਿੰਦ



ਰੁਸਤਮ-ਏ-ਹਿੰਦ ਤੇ ਹਨੂੰਮਾਨਦਾਰਾ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ ਤੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਚ ਦਾਖਲ ਸਨ। ਬਾਲੀਵੁੱਡ ਦੀਆਂ ਉੱਘੀਆਂ ਹਸਤੀਆਂ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਉਨ੍ਹਾਂ ਦੇ ਮੁੰਬਈ ਸਥਿਤ ਘਰ ਜਾ ਕੇ ਇਸ ਸ਼ਾਨਦਾਰ ਇਨਸਾਨ ਦੇ ਆਖਰੀ ਦਰਸ਼ਨ ਕੀਤੇ ਤੇ ਵੱਡੀ ਗਿਣਤੀ ਲੋਕ ਉਨ੍ਹਾਂ ਦੀ ਅੰਤਿਮ ਯਾਤਰਾ ਚ ਸ਼ਾਮਲ ਹੋਏ। ਅੱਜ ਬਾਅਦ ਦੁਪਹਿਰ ਵਿਲੇ ਪਾਰਲੇ ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਫ਼ਿਲਮ ਨਗਰੀ ਦੇ ਵੱਡੀ ਗਿਣਤੀ ਐਕਟਰ, ਫ਼ਿਲਮਸਾਜ਼ ਤੇ ਹਜ਼ਾਰਾਂ ਦੀ ਗਿਣਤੀ ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਅੰਤਿਮ ਯਾਤਰਾ ਚ ਹਾਜ਼ਰ ਸਨ। ਦਿਨੇ ਤਿੰਨ ਕੁ ਵਜੇ ਫੁੱਲਾਂ ਨਾਲ ਲੱਦੇ ਇਕ ਟਰੱਕ ਚ ਰੱਖ ਕੇ ਉਨ੍ਹਾਂ ਦੀ ਦੇਹ ਇਕ ਵੱਡੇ ਕਾਫਲੇ ਦੇ ਰੂਪ ਦਾਰਾ ਵਿਲਾਤੋਂ ਪਵਨ ਹੰਸ ਸ਼ਮਸ਼ਾਨਘਾਟ ਤਕ ਲਿਜਾਈ ਗਈ, ਜਿੱਥੇ ਉਨ੍ਹਾਂ ਦੇ ਤਿੰਨਾਂ ਪੁੱਤਰਾਂ ਨੇ ਅੰਤਿਮ ਰਸਮਾਂ ਨੇਪਰੇ ਚਾੜ੍ਹੀਆਂ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਫੁੱਲਪੱਤੀਆਂ ਨਾਲ ਸ਼ਰਧਾਂਜਲੀ ਭੇਟ ਕੀਤੀ। ਲੋਕਾਂ ਦਾ ਵੱਡਾ ਇਕੱਠ ਉਨ੍ਹਾਂ ਦੇ ਦਰਸ਼ਨਾਂ ਲਈ ਜੁੜਿਆ ਸੀ।
ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਸੀ.ਓ.ਓ. ਰਾਮ ਨਰਾਇਣ ਨੇ ਦੱਸਿਆ, ‘‘ਦਾਰਾ ਸਿੰਘ ਦਾ ਅੱਜ ਸਵੇਰੇ 7.30 ਵਜੇ ਦੇਹਾਂਤ ਹੋ ਗਿਆ। ਇਸ ਹਸਪਤਾਲ ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਤੇ ਬੁੱਧਵਾਰ ਦੀ ਰਾਤ ਨੂੰ ਹੀ ਉਨ੍ਹਾਂ ਨੂੰ ਘਰ ਵਾਪਸ ਲਿਜਾਇਆ ਗਿਆ ਸੀ ਕਿਉਂਕਿ ਉਨ੍ਹਾਂ ਦੇ ਪਰਿਵਾਰ ਦੀ ਇਹ ਇੱਛਾ ਸੀ ਕਿ ਉਹ ਆਪਣੇ ਜੀਵਨ ਦੇ ਆਖਰੀ ਸਮੇਂ ਆਪਣੇ ਘਰ ਚ ਹੀ ਹੋਣੇ ਚਾਹੀਦੇ ਹਨ। ਦਾਰਾ ਸਿੰਘ ਨੂੰ 7 ਜੁਲਾਈ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਦਾਖਲ ਕਰਾਇਆ ਗਿਆ ਸੀ। ਦਿਲ ਦੇ ਦੌਰੇ ਦੌਰਾਨ ਖੂਨ ਦੀ ਸਪਲਾਈ ਘਟਣ ਕਾਰਨ ਉਨ੍ਹਾਂ ਦੇ ਦਿਮਾਗ ਦਾ ਕਾਫੀ ਹਿੱਸਾ ਨੁਕਸਾਨਿਆ ਗਿਆ ਸੀ। ਇਸ ਮਗਰੋਂ ਉਨ੍ਹਾਂ ਦੀ ਹਾਲਤ ਵਿਗੜਦੀ ਗਈ ਸੀ ਤੇ ਕੱਲ੍ਹ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਹਾਲਤ ਚ ਸੁਧਾਰ ਹੋਣਾ ਅਸੰਭਵ         ਜਾਪ ਰਿਹਾ ਹੈ।
ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਐਕਟਰ ਰਿਸ਼ੀ ਕਪੂਰ, ਫਰਦੀਨ ਖ਼ਾਨ, ਨਿਰਦੇਸ਼ਕ ਸਾਜਿਦ ਖ਼ਾਨ, ਐਕਟਰ- ਨਿਰਦੇਸ਼ਕ ਪਰਮਜੀਤ ਸੇਠੀ, ਧੀਰਜ ਕੁਮਾਰ, ਜਸਪਾਲ ਭੱਟੀ, ਅਨੂਪ ਸੋਨੀ ਤੇ ਰਜ਼ਾ ਮੁਰਾਦ, ਡੌਲੀ ਬਿੰਦਰਾ ਹਾਜ਼ਰ ਸਨ। ਕਾਂਗਰਸੀ ਆਗੂ ਕ੍ਰਿਪਾਸ਼ੰਕਰ ਸਿੰਘ ਵੀ ਇਸ ਵੇਲੇ ਹਾਜ਼ਰ ਸਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਤੇ ਕਾਂਗਰਸ ਪਾਰਟੀ ਵੱਲੋਂ ਦਾਰਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ ਹਨ। ਲੜੀਵਾਰ ਮਹਾਂਭਾਰਤ ਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਟੀ.ਵੀ. ਐਕਟਰ ਫਿਰੋਜ਼ ਖ਼ਾਨਨੇ ਕਿਹਾ ਕਿ ਦਾਰਾ ਸਿੰਘ ਉਸ ਦੇ ਪਿਤਾ ਵਰਗੇ ਸਨ, ਉਹ ਉਸ ਨੂੰ ਪੁੱਤਰ ਵਾਂਗ ਹੀ ਮੋਹ ਕਰਦੇ ਸਨ। ਬਕੌਲ ਖ਼ਾਨ ਸਾਦਗੀ ਦਾ ਦੂਜਾ ਨਾਮ ਦਾਰਾ ਸਿੰਘ ਸੀ।
ਅਭਿਸ਼ੇਕ ਬੱਚਨ, ਤੱਬੂ, ਬੌਬੀ ਦਿਓਲ, ਮਨੋਜ ਕੁਮਾਰ ਤੇ ਹੋਰ ਬਹੁਤ ਸਾਰੇ ਫਿਲਮੀ ਕਲਾਕਾਰ ਉਨ੍ਹਾਂ ਦੇ ਜੁਹੂ ਸਥਿਤ ਘਰ ਅਫਸੋਸ ਕਰਨ ਪੁੱਜੇ।  83 ਸਾਲਾ ਪਹਿਲਵਾਨ ਤੇ ਐਕਟਰ ਦਾਰਾ ਸਿੰਘ ਬਹੁਤ ਸਾਰੇ ਲੋਕਾਂ ਦਾ ਬਚਪਨ ਦਾ ਨਾਇਕ ਸੀ। ਬਹੁਤ ਸਾਰੇ ਲੋਕਾਂ ਲਈ ਦਾਰਾ ਸਿੰਘ ਹਨੂੰਮਾਨਦਾ ਦੁਨਿਆਵੀ ਚਿਹਰਾ ਸੀ। ਉਨ੍ਹਾਂ ਨੂੰ ਬੀਤੀ ਰਾਤ ਉਨ੍ਹਾਂ ਦੇ ਪਰਿਵਾਰ ਦੇ ਜੀਅ ਘਰ ਲੈ ਆਏ ਸਨ। ਆਪਣੇ ਪਿਤਾ ਦੇ ਦੇਹਾਂਤ ਮਗਰੋਂ ਐਕਟਰ ਵਿੰਦੂ ਨੇ ਪੱਤਰਕਾਰਾਂ ਨੂੰ ਕਿਹਾ, ‘‘ਫਰਿਸ਼ਤਾ ਹੁਣ ਅਸਮਾਨ ਚ ਤਾਰੇ ਵਾਂਗ ਚਮਕਣ ਲਈ ਇਸ ਧਰਤੀ ਤੋਂ ਜਾ ਚੁੱਕਿਆ ਹੈ।’’ ਦਾਰਾ ਸਿੰਘ ਦੇ ਪਰਿਵਾਰ ਚ ਪਿੱਛੇ ਉਨ੍ਹਾਂ ਦੀ ਪਤਨੀ ਤੇ ਛੇ ਬੱਚੇ ਹਨ। ਉਨ੍ਹਾਂ ਦੇ ਤਿੰਨ ਪੁੱਤਰ ਤੇ ਤਿੰਨ ਧੀਆਂ ਹਨ। ਇਨ੍ਹਾਂ ਚੋਂ ਇਕ ਪੁੱਤਰ ਪ੍ਰਦੁੱਮਣ ਸਿੰਘ ਰੰਧਾਵਾ ਪਹਿਲੇ ਵਿਆਹ ਚੋਂ ਹੈ। ਉਨ੍ਹਾਂ ਦਾ ਇਕ ਪੁੱਤਰ ਵਿੰਦੂ ਦਾਰਾ ਸਿੰਘ ਐਕਟਰ ਹੈ। 

1 comment: