Friday, January 17, 2014

ਸਾਕਾ ਨੀਲਾ ਤਾਰਾ ਤੋਂ ਬਾਅਦ ਥੈਚਰ ਨੇ ਕੀਤਾ ਸੀ ਇੰਦਰਾ ਗਾਂਧੀ ਦਾ ਸਮਰਥਨ


ਲੰਦਨ, 16 ਜਨਵਰੀ (ਮਨਪ੍ਰੀਤ ਸਿੰਘ ਬੱਧਨੀਕਲਾਂ, ਪੀ. ਟੀ. ਆਈ.)-ਸ੍ਰੀ ਦਰਬਾਰ ਸਾਹਿਬ ਸਮੂਹ ਅੰਮਿ੍ਤਸਰ ਨੂੰ ਖਾੜਕੂਆਂ ਤੋਂ ਮੁਕਤ ਕਰਵਾਉਣ ਲਈ 1984 'ਚ ਕੀਤੀ ਗਈ ਸਾਕਾ ਨੀਲਾ ਤਾਰਾ ਕਾਰਵਾਈ ਤੋਂ ਬਾਅਦ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਨੂੰ ਲਿਖੇ ਜ਼ਾਤੀ ਪੱਤਰ 'ਚ ਬਰਤਾਨੀਆ ਵੱਲੋਂ ਪੂਰੇ ਸਮਰਥਨ ਦੀ ਗੱਲ ਆਖੀ ਸੀ | ਇਹ ਪ੍ਰਗਟਾਵਾ ਇਕ ਮੀਡੀਆ ਰਿਪੋਰਟ 'ਚ ਕੀਤਾ ਗਿਆ ਹੈ | ਦਾ ਗਾਰਡੀਅਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਸ ਸਮੇਂ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਚਰ ਨੇ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵੱਖਰੇ ਸਿੱਖਾਂ ਦੀ ਵੱਖਰੇ ਖਾਲਿਸਤਾਨ ਦੀ ਮੰਗ ਦਾ ਸਾਹਮਣਾ ਕਰ ਰਹੇ ਭਾਰਤ ਦੀ ਏਕਤਾ ਦਾ ਬਰਤਾਨੀਆ ਪੂਰਾ ਸਮਰਥਨ ਕਰਦਾ ਹੈ ਅਤੇ ਪੁਲਿਸ ਇਥੇ ਭਾਰਤੀ ਕੂਟਨੀਤਕਾਂ ਦੀ ਸੁਰੱਖਿਆ ਦੇ ਖਤਰੇ ਬਾਰੇ ਜਾਂਚ ਕਰ ਰਹੀ ਹੈ | ਸਾਕਾ ਨੀਲਾ ਤਾਰਾ ਤੋਂ ਬਾਅਦ 30 ਜੂਨ, 1984 'ਚ ਇੰਦਰਾ ਗਾਂਧੀ ਨੂੰ ਲਿਖੇ ਗਏ ਪਹਿਲੇ ਪੱਤਰ 'ਚ ਥੈਚਰ ਨੇ ਕਿਹਾ 'ਤੁਹਾਡੇ ਲਈ ਇਹ ਹਫਤੇ ਬੜੇ ਤਣਾਅ ਭਰੇ ਰਹੇ ਹਨ ਅਤੇ ਤੁਸੀਂ ਔਖੇ ਫ਼ੈਸਲੇ ਕੀਤੇ ਹਨ |

ਉਥੇ ਸ਼ਾਂਤੀ ਬਹਾਲੀ ਲਈ ਤੁਹਾਡੇ ਵੱਲੋਂ ਕੀਤੇ ਗਏ ਯਤਨਾਂ ਨੂੰ ਮੈਂ ਬਹੁਤ ਧਿਆਨ ਨਾਲ ਜਾਚਿਆ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਜਖ਼ਮਾਂ 'ਤੇ ਮੱਲ੍ਹਮ ਲਗਾਉਣ ਦਾ ਜੋ ਕੰਮ ਤੁਸੀਂ ਕੀਤਾ ਹੈ ਉਸ ਨਾਲ ਇਸ ਸੰਕਟ ਵਾਲੇ ਖੇਤਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਦੇ ਭਵਿੱਖ ਦਾ ਰਸਤਾ ਖੁੱਲ੍ਹ ਜਾਵੇਗਾ |' ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਬਰਤਾਨੀਆ ਸਰਕਾਰ ਦੀ ਇਸ ਕਾਰਵਾਈ 'ਚ ਭੂਮਿਕਾ ਦੀ ਜਾਂਚ ਬਾਰੇ ਕੈਬਨਿਟ ਸਕੱਤਰ ਜੇਰੇਮੀ ਹੇਵੁੱਡ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਗਾਰਡੀਅਨ ਵੱਲੋਂ ਦੱਸੇ ਗਏ ਇਸ ਪੱਤਰ ਨੂੰ ਵੀ ਜਾਂਚ 'ਚ ਸ਼ਾਮਿਲ ਕੀਤਾ ਜਾਵੇਗਾ | ਇੰਦਰਾ ਗਾਂਧੀ ਵੱਲੋਂ 9 ਅਤੇ 14 ਜੂਨ ਨੂੰ ਭੇਜੇ ਗਏ 2 ਪੱਤਰਾਂ ਦੇ ਜਵਾਬ 'ਚ ਥੈਚਰ ਵੱਲੋਂ ਲਿਖੇ ਗਏ ਪੱਤਰ ਤੋਂ ਇਹ ਲਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ ਕਿ ਸਿੱਖ ਬਰਤਾਨੀਆ ਨੂੰ ਆਪਣਾ ਆਧਾਰ ਬਣਾ ਸਕਦੇ ਸਨ |

ਤਾਰਾਂ ਅਗਸਤਾ ਵੈਸਟਲੈਂਡ ਸੌਦੇ ਵੱਲ ਵੀ ਮੁੜੀਆਂ

ਬਰਤਾਨੀਆ ਦੀ ਰੱਖਿਆ ਕੰਪਨੀ ਅਗਸਤਾ ਵੈਸਟਸਲੈਂਡ, 'ਸਾਕਾ ਨੀਲਾ ਤਾਰਾ' 'ਚ ਬਰਤਾਨੀਆ ਸਰਕਾਰ ਦੀ ਸ਼ਮੂਲੀਅਤ ਦੇ ਮੁੱਦੇ ਨਾਲ ਮੁੜ੍ਹ ਚਰਚਾ 'ਚ ਆ ਗਈ ਹੈ | ਬਰਤਾਨੀਆ ਦੇ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਟੌਮ ਵਾਟਸਨ, ਜਿਸ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਅੰਮਿ੍ਤਸਰ ਵਿਖੇ ਜੂਨ, 1984 ਹੋਏ ਸਾਕਾ ਨੀਲਾ ਤਾਰਾ ਕਾਰਵਾਈ ਮੌਕੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਅਤੇ ਬਰਤਾਨੀਆ ਦੀ ਹਵਾਈ ਫ਼ੌਜ ਵੱਲੋਂ ਨਿਭਾਈ ਗਈ ਭੂਮਿਕਾ ਬਾਰੇ ਗੁਪਤ ਦਸਤਾਵੇਜ਼ ਜਾਰੀ ਕੀਤੇ ਹਨ, ਨੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਕਿਹਾ ਹੈ ਕਿ ਉਹ ਮਾਰਗਰੇਟ ਥੈਚਰ ਦੇ ਸਮੇਂ ਇੰਚਾਰਜ ਮੰਤਰੀਆਂ ਨੂੰ ਸਿੱਧੇ ਤੌਰ 'ਤੇ ਸਵਾਲ ਪੁੱਛਣ ਕਿ ਕੀ ਭਾਰਤ ਨੂੰ ਮਦਦ ਦੀ ਕੀਤੀ ਇਹ ਪੇਸ਼ਕਸ਼ ਕੰਪਨੀ ਲਈ ਹੈਲੀਕਾਪਟਰ ਸੌਦੇ ਦੇ ਲਈ ਕੀਤੀ ਗਈ ਸੀ |

ਕੱਲ੍ਹ ਸਦਨ 'ਚ ਵਾਟਸਨ ਨੇ ਕਿਹਾ 'ਉਨ੍ਹਾਂ ਦੀ ਅੰਮਿ੍ਤਸਰ ਜਾਂਚ ਮੌਕੇ, ਇਕ ਸਿਵਲ ਅਧਿਕਾਰੀ ਨੂੰ ਜਾਂਚ ਦੇ ਹੁਕਮ ਦੇਣ ਦੀ ਬਜਾਇ, ਪ੍ਰਧਾਨ ਮੰਤਰੀ ਨੇ ਲਾਰਡਸ ਜਿਓਫਰੇ ਹੋਵ ਅਤੇ ਲਿਓਨ ਬਿ੍ਟਨ ਨੂੰ ਕਿਉਂ ਨਹੀਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਮਾਰਗਰੇਟ ਥੈਚਰ ਨਾਲ ਕੀ ਸਮਝੌਤਾ ਕੀਤਾ ਸੀ ਅਤੇ ਕੀ ਉਸ ਸਮੇਂ ਵੈਸਟਲੈਂਡ ਹੈਲੀਕਾਪਟਰ ਸੌਦੇ ਸਬੰਧੀ ਕੁਝ ਕੀਤਾ ਜਾਣਾ ਸੀ | ਕੱਲ੍ਹ ਹੀ ਕੈਮਰੂਨ ਨੇ ਆਪਣੇ ਕੈਬਨਿਟ ਸਕੱਤਰ ਜੇਰੇਮੀ ਹੇਵੁੱਡ ਨੂੰ 1984 ਦੀ ਕਾਰਵਾਈ 'ਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਦੇ ਨਿਰਦੇਸ਼ ਦਿੰਦਿਆਂ ਰੱਖਿਆ ਸਮਝੌੇਤੇ ਨੂੰ ਰੱਦ ਕਰਦਿਆਂ ਇਸ ਨੂੰ ਸਾਜ਼ਿਸ਼ੀ ਖਿਆਲ ਕਰਾਰ ਦੇ ਦਿੱਤਾ ਸੀ |