Friday, October 21, 2011

ਮਿੰਨੀ ਕਹਾਣੀ ਤਲਾਸ਼

ਧਰਮਰਾਜ ਅਤੇ ਉਸ ਦਾ ਨਿੱਜੀ ਸਕੱਤਰ ਕੇਸ਼ਵ ਰਾਜ ਆਪੋ-ਆਪਣੇ ਵਾਹਨ (ਭੈਂਸਿਆਂ) ਉਪਰ ਸਵਾਰ ਹੋ ਕੇ ਭਾਰਤੀ ਸਿਆਸੀ ਨੇਤਾ ਦੀ ਰੂਹ ਦੀ ਤਲਾਸ਼ 'ਚ ਸਨ। ਗਰਮੀ, ਚਿਲਚਿਲਾਉਂਦੀ ਧੁੱਪ, ਹੁੰਮਸ ਵਿਚ ਅੱਧਾ ਦਿਨ ਇਧਰ-ਉਧਰ ਭਟਕਣ ਤੋਂ ਬਾਅਦ ਵੀ ਉਨ੍ਹਾਂ ਨੂੰ ਢੁਕਵੀਂ ਰੂਹ ਨਹੀਂ ਸੀ ਮਿਲੀ। ਉਪਰਾਮਤਾ ਵਸ ਹੋਏ ਉਹ ਅਗਲੇ ਸ਼ਹਿਰ ਨੂੰ ਅਹੁਲਣ ਵਾਲੇ ਹੀ ਸਨ ਕਿ ਇਸੇ ਕਸਬੇ ਦੇ ਗੰਦੇ ਨਾਲੇ ਦੇ ਤੰਗ ਜਿਹੇ ਲੱਕੜ ਦੇ ਪੁਲ ਜਿਥੋਂ ਇਕ ਸਮੇਂ ਸਿਰਫ਼ ਇਕ ਹੀ ਵਿਅਕਤੀ ਲੰਘ ਸਕਦਾ ਸੀ, ਉਪਰ ਦੋਵਾਂ ਪਾਸਿਆਂ ਤੋਂ ਦੋ ਹੱਟੇ-ਕੱਟੇ ਬੱਕਰੇ ਆਉਂਦੇ ਦਿਸੇ ਅਤੇ ਪੁਲ ਦੇ ਅੱਧ ਵਿਚਕਾਰ ਪਹੁੰਚਦਿਆਂ ਉਨ੍ਹਾਂ ਵਿਚਾਲੇ ਘੋਰ ਵਿਵਾਦ ਪਨਪਿਆ। ਰੌਲਾ ਜਿਹਾ ਸੁਣ ਧਰਮਰਾਜ ਅਤੇ ਕੇਸ਼ਵ ਰਾਜ ਥਾਏਂ ਹੀ ਰੁਕ ਗਏ।

'ਸਵਾਮੀ! ਚੰਗਾ ਤਾਂ ਇਹ ਹੈ ਕਿ ਆਪਾਂ ਆਪਣਾ ਕੀਮਤੀ ਸਮਾਂ ਵਿਅਰਥ ਨਾ ਗਵਾ ਕਿਸੇ ਹੋਰ ਸ਼ਹਿਰ, ਪਿੰਡ ਜਾ ਕੇ ਸੰਭਾਵੀ ਸਿਆਸੀ ਨੇਤਾ ਦੀ ਰੂਹ ਤਲਾਸ਼ੀਏ... ਦੋਵਾਂ ਬੱਕਰਿਆਂ ਨੇ ਆਪਣੀ ਸਦੀਆਂ ਪੁਰਾਣੀ ਆਦਤ ਅਨੁਸਾਰ ਹਠ ਨਹੀਂ ਤਿਆਗਣਾ... ਨਤੀਜਾ ਇਨ੍ਹਾਂ ਦੋਵਾਂ ਨੇ ਹੀ ਲੜਦਿਆਂ ਗੰਦੇ ਨਾਲੇ 'ਚ ਡਿੱਗ ਕੇ ਮਰ ਜਾਣੈ।' ਕੇਸ਼ਵ ਰਾਜ ਨੇ ਰਾਇ ਦਿੱਤੀ।

ਪਰ ਇਹ ਕੀ...?... ਦੋਵਾਂ ਬੱਕਰਿਆਂ ਵਿਚੋਂ ਪਹਿਲਾਂ ਤਾਂ ਕੋਈ ਵੀ ਪਿੱਛੇ ਹਟਣ, ਹੱਠ ਤਿਆਗਣ ਨੂੰ ਤਿਆਰ ਨਹੀਂ ਸੀ ਕਿ ਅਚਾਨਕ ਹੀ ਪਹਿਲੇ ਬੱਕਰੇ ਦੇ ਦਿਮਾਗ 'ਚ ਕੂਟਨੀਤਕ ਤਿਕੜਮਬਾਜ਼ੀ ਚਾਲ ਉਪਜੀ। ਉਹ ਇਕਦਮ ਨਿਮਰ ਹੋ ਕੇ ਦੂਜੇ ਨੂੰ ਬੋਲਿਆ, 'ਭਰਾਵਾ! ਲੜਾਈ ਝਗੜੇ 'ਚ ਕੀ ਪਿਐ? ਮੈਂ ਹੇਠਾਂ ਬੈਠ ਜਾਂਦਾ ਹਾਂ ਅਤੇ ਤੂੰ ਮੇਰੇ 'ਤੇ ਪੈਰ ਧਰ ਕੇ ਪਹਿਲਾਂ ਪੁਲ ਪਾਰ ਕਰ ਲੈ।' ਪਹਿਲੇ ਬੱਕਰੇ ਨੇ ਹੇਠਾਂ ਬੈਠਦਿਆਂ ਹੀ ਦੂਜੇ ਨੇ ਲੰਘਣ ਲਈ ਜਦ ਉਸ ਉਪਰ ਪੈਰ ਰੱਖੇ ਹੀ ਸਨ ਕਿ ਪਹਿਲਾ ਇਕਦਮ ਉਠ ਖੜ੍ਹਾ ਹੋਇਆ ਅਤੇ ਉਪਰ ਵਾਲਾ ਬੱਕਰਾ ਆਪਣੇ-ਆਪ ਨੂੰ ਨਾ ਸੰਭਾਲਦਿਆਂ, 'ਛੜਾਪ, ਕਰ ਗੰਦੇ ਪਾਣੀ 'ਚ ਡੁੱਬ ਗਿਆ।' ਪਹਿਲਾ ਬੱਕਰਾ ਉਠਿਆ ਅਤੇ ਆਪਣੇ ਦਿਮਾਗ ਦੀ ਕੂਟਚਾਲ ਦੇ ਸਫਲ ਹੋਣ ਦੀ ਖੁਸ਼ੀ 'ਚ ਮੁਸਕਰਾਉਂਦਾ ਪੁਲ ਪਾਰ ਕਰਨ ਲੱਗਾ।

'ਪ੍ਰਿਯ! ਕੇਸ਼ਵ ਰਾਜ... ਮੇਰੇ ਖਿਆਲ ਅਨੁਸਾਰ ਤਾਂ ਸੰਭਾਵੀ ਭਾਰਤੀ ਸਿਆਸੀ ਨੇਤਾ ਲਈ ਇਸ ਤੋਂ ਵਧੇਰੇ ਕੂਟਨੀਤਕ ਚਾਲ, ਫਰੇਬ, ਦਿਮਾਗੀ ਤਿਕੜਮ ਵਾਲੀ ਰੂਹ ਮਿਲਣੀ ਓਕਾ ਹੀ ਨਾ-ਮੁਮਕਿਨ ਹੈ। ਧਰਮਰਾਜ ਫੌਰਨ ਹੀ ਪਹਿਲੇ ਬੱਕਰੇ ਦੀ ਰੂਹ ਨੂੰ ਆਪਣੇ ਵਸ 'ਚ ਕਰਦਾ ਬੋਲਿਆ ਅਤੇ ਹੁਣ ਉਨ੍ਹਾਂ ਨੂੰ ਤਸੱਲੀ ਸੀ ਕਿ ਉਨ੍ਹਾਂ ਦੀ ਤਲਾਸ਼ ਸਫ਼ਲਤਾਪੂਰਵਕ ਨੇਪਰੇ ਚੜ੍ਹ ਚੁੱਕੀ ਸੀ।

ਯਸ਼ਪਾਲ ਗੁਲਾਟੀ